HomeStatesPunjabਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਨਿਊ ਸੰਤੋਖਪੁਰਾ ਵਿਖੇ ਦੋ-ਰੋਜ਼ਾ ਮਹਾਨ ਗੁਰਮਤਿ ਸਮਾਗਮ 23 ਤੇ 24 ਅਕਤੂਬਰ ਨੂੰ, ਪੰਥ ਪ੍ਰਸਿੱਧ ਰਾਗੀ ਤੇ ਪ੍ਰਚਾਰਕ ਭਰਨਗੇ ਹਾਜ਼ਰੀ

ਜਲੰਧਰ :-  ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਅਤੇ ਅਲੌਕਿਕ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰਬੰਧਕ ਕਮੇਟੀ ਨਿਊ ਸੰਤੋਖਪੁਰਾ (ਜਲੰਧਰ) ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਪ੍ਰਚਾਰ ਕਮੇਟੀ ਕਿਸ਼ਨਗੜ੍ਹ (ਜਲੰਧਰ) ਦੇ ਸਾਂਝੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਸਹਿਤ ਉਲੀਕਿਆ ਜਾ ਰਿਹਾ ਹੈ। ਇਹ ਦੋ-ਰੋਜ਼ਾ ਧਾਰਮਿਕ ਦੀਵਾਨ 23 ਅਤੇ 24 ਅਕਤੂਬਰ 2026 (ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ) ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਨਿਊ ਸੰਤੋਖਪੁਰਾ ਵਿਖੇ ਰੋਜ਼ਾਨਾ ਸ਼ਾਮ 6:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਸਜਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਮਹਾਨ ਸ਼ਖ਼ਸੀਅਤਾਂ, ਵਿਦਵਾਨ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਨਾਲ ਜੋੜਨਗੇ, ਜਿਨ੍ਹਾਂ ਵਿੱਚ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ, ਪ੍ਰਸਿੱਧ ਢਾਡੀ ਜਥਾ ਗਿਆਨੀ ਸਰੂਪ ਸਿੰਘ ਕੰਡਿਆਣਾ, ਹਜ਼ੂਰੀ ਰਾਗੀ ਭਾਈ ਵਰੁਨਪ੍ਰੀਤ ਸਿੰਘ ਜੀ, ਬੀਬਾ ਚਰਨਪ੍ਰੀਤ ਕੌਰ ਜੀ, ਭਾਈ ਨਵਪ੍ਰੀਤ ਸਿੰਘ ਜੀ ਤੇ ਬੀਬੀ ਤਰਨਪ੍ਰੀਤ ਕੌਰ ਜੀ ਸਮੇਤ ਭਾਈ ਜਗਦੀਸ਼ ਸਿੰਘ ਜੀ (ਵਿਦਿਆਰਥੀ ਦਮਦਮੀ ਟਕਸਾਲ) ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਜਦਕਿ ਸਟੇਜ ਸੰਚਾਲਨ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਜੀ (ਜਲੰਧਰ ਵਾਲੇ) ਵੱਲੋਂ ਬਾਖ਼ੂਬੀ ਨਿਭਾਈ ਜਾਵੇਗੀ।

ਸਮਾਗਮ ਦੌਰਾਨ ਸੰਗਤਾਂ ਦੀ ਸੁਵਿਧਾ ਲਈ ਵੱਖ-ਵੱਖ ਸੇਵਕ ਜਥਿਆਂ ਵੱਲੋਂ ਸੇਵਾਵਾਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਜੋੜਿਆਂ ਦੀ ਸੇਵਾ ਗੁਰਮੁੱਖ ਸੇਵਾ ਦਲ, ਜਲ ਦੀ ਛਬੀਲ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦਲ, ਵਾਹਨਾਂ ਦੀ ਪਾਰਕਿੰਗ ਦੀ ਸੇਵਾ ਸਮਾਜ ਸੁਧਾਰ ਸੇਵਾ ਸੁਸਾਇਟੀ ਕਾਲਾ ਬੱਕਰਾ ਅਤੇ ਲੰਗਰ ਵਰਤਾਉਣ ਦੀ ਸੇਵਾ ਅਕਾਲ ਸਹਾਇ ਸੇਵਾ ਸੁਸਾਇਟੀ ਨਿਊ ਸੰਤੋਖਪੁਰਾ ਵੱਲੋਂ ਨਿਭਾਈ ਜਾਵੇਗੀ ਅਤੇ ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਂਦਿਆਂ 24 ਅਕਤੂਬਰ ਸ਼ਨੀਵਾਰ ਨੂੰ ਸਵੇਰੇ 11:00 ਵਜੇ ਖੰਡੇ-ਬਾਟੇ ਦਾ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ; ਅੰਮ੍ਰਿਤ ਅਭਿਲਾਖੀਆਂ ਨੂੰ ਸਮੇਂ ਸਿਰ ਆਪਣੇ ਨਾਮ ਦਰਜ ਕਰਵਾ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਸ. ਅਜੀਤ ਸਿੰਘ ਬਿੱਟੂ, ਸ. ਜਸਵਿੰਦਰ ਸਿੰਘ ਵਿਰਕ, ਸ. ਅਮਰਜੀਤ ਸਿੰਘ ਚੀਮਾ, ਭਾਈ ਮੰਗਲ ਸਿੰਘ, ਭਾਈ ਹਰਜੀਤ ਸਿੰਘ ਗਰਚਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਨੇ ਸਮੂਹ ਮਾਈ-ਬਾਪ ਸਾਧ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਦੀਆਂ ਬਖ਼ਸ਼ਿਸ਼ਾਂ ਅਤੇ ਖ਼ੁਸ਼ੀਆਂ ਪ੍ਰਾਪਤ ਕਰਨ।

latest articles

explore more

LEAVE A REPLY

Please enter your comment!
Please enter your name here